– ਨੌਜ਼ਵਾਨ ਦੀ ਹਾਲਤ ਨਾਜੁਕ
ਮਾਹਿਲਪੁਰ: ਸ਼ਿਵ ਕੁਮਾਰ ਬਾਵਾ: ਮਾਹਿਲਪੁਰ ਗੜਸ਼ੰਕਰ ਰੋਡ ‘ ਤੇ ਪਿੰਡ ਟੂਟੋਮਜ਼ਾਰਾ ਨੇੜੇ ਇਕ ਢਾਬੇ ਸਾਮਣੇ ਇਕ ਤੇਜ਼ਰਫਤਾਰ ਐਂਬੂਲੈਂਸ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਪ੍ਰਵਾਸੀ ਭਾਰਤੀ ਨੌਜ਼ਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਕਾਰਨ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਸ ਹਾਦਸੇ ਵਿਚ ਜ਼ਖਮੀ ਨੌਜ਼ਵਾਨ ਨਾਲ ਮੋਟਰਸਾਈਕਲ ਤੇ ਸਵਾਰ ਬੱਚੀ ਦਾ ਵਾਲ ਵਾਲ ਬਚਾਅ ਹੋ ਗਿਆ। ਐਂਬੂਲੈਂਸ ਚਾਲਕ ਆਪਣੀ ਗੱਡੀ ਭਜਾਕੇ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ 6:00 ਦੇ ਕਰੀਬ ਮਾਹਿਲਪੁਰ ਤੋਂ 4 ਕਿਲੋਮੀਟਰ ਦੂਰ ਪਿੰਡ ਟੂਟੋਮਜਾਰਾ ਨੇੜੇ ਇਕ ਢਾਬੇ ਸਾਮਣੇ ਗੜਸ਼ੰਕਰ ਵਲੋਂ ਬਹੁਤ ਹੀ ਤੇਜ਼ ਰਫਤਾਰ ਨਾਲ ਆ ਰਹੀ ਇਕ ਐਂਬੂਲੈਂਸ ਗੱਡੀ (ਸੀ ਐਚ 53 ਟੀ 0859) ਦੀ ਜ਼ਬਰਦਸਤ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ(ਪੀ ਬੀ 07 ਵੀ 2366) ਸਵਾਰ ਪ੍ਰਵਾਸੀ ਨੌਜ਼ਵਾਨ ਗੈਰਨਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਟੂਟੋਮਜਾਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਟੱਕਰ ਮਾਰਨ ਵਾਲੀ ਗੱਡੀ ਦੇ ਡਰਾਇਵਰ ਨੇ ਐਂਬੂਲੈਂਸ ਭਜਾ ਲਈ ਪ੍ਰੰਤੂ ਉਸਦੇ ਪਿੱਛੇ ਆ ਰਹੇ ਆਰ ਟੀ ਆਈ ਕਾਰਕੁੰਨ ਪਰਵਿੰਦਰ ਸਿੰਘ ਕਿੱਤਣਾ ਨੇ ਉਸ ਗੱਡੀ ਦਾ ਫੁਰਤੀ ਨਾਲ ਨੰਬਰ ਨੋਟ ਕਰਲਿਆ ਅਤੇ ਗੰਭੀਰ ਜ਼ਖਮੀ ਨੌਜ਼ਵਾਨ ਨੂੰ ਆਪਣੀ ਮਰੂਤੀ ਕਾਰ ਵਿਚ ਪਾ ਕੇ ਮਾਹਿਲਪੁਰ ਦੇ ਸਿਵਲ ਹਸਪਤਾਲ ਲਿਆਂਦਾ। ਉਸਨੇ ਹੀ ਇਸ ਹਾਦਸੇ ਸਮੇਤ ਭੱਜੀ ਗੱਡੀ ਬਾਰੇ ਪੁਲਸ ਅਤੇ ਜ਼ਖਮੀ ਨੌਜਵਾਨ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਜ਼ਖਮੀ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੈਰਨਦੀਪ ਸਿੰਘ ਥੌੜ•ੇ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਆਇਆ ਹੈ ਤੇ ਉਹ ਸ਼ਾਂਮ ਆਪਣੀ ਭਤੀਜ਼ੀ ਬੱਚੀ ਨੂੰ ਮੋਟਰਸਾਈਕਲ ਤੇ ਬਿਠਾਕੇ ਝੂਟੇ ਦਿਵਾਉਣ ਲਈ ਰੋਡ ਤੇ ਨਿਕਲਿਆ ਸੀ। ਡਾ ਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਸੱਟਾਂ ਗੰਭੀਰ ਹਨ ਇਸ ਲਈ ਜ਼ਖਮੀ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ। ਥਾਣਾ ਚੱਬੇਵਾਲ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।