– ਜੱਟ ਮਹਾਂ ਸਭਾ ਵਲੋਂ ਸਰਕਾਰੀ ਢਿੱਲਮੱਠ ਦਾ ਤਿੱਖਾ ਵਿਰੋਧ
ਮਾਹਿਲਪੁਰ: ਸ਼ਿਵ ਕੁਮਾਰ ਬਾਵਾ: ਮਾਹਿਲਪੁਰ ਸ਼ਹਿਰ ਸਮੇਤ ਬਲਾਕ ਅਧੀਨ ਆਉਂਦੀਆਂ ਪਿੰਡਾਂ ਦੀਆਂ ਅੱਧਾ ਦਰਜ਼ਨ ਮੰਡੀਆਂ ਵਿਚ ਕਣਕ ਦੀ ਖਰੀਦ ਦਾ ਕੰਮ ਬਹੁਤ ਹੀ ਧੀਮੀ ਗਤੀ ਨਾਲ ਚੱਲਣ ਕਾਰਨ ਕਿਸਾਨ ਅਤੇ ਆੜਤੀਏ ਅਤਿ ਦੇ ਪ੍ਰੇਸ਼ਾਂਨ ਹੋਏ। ਪੰਜਾਬ ਸਰਕਾਰ ਦੇ ਮੰਡੀਆਂ ਵਿਚ ਪੁੱਜ ਰਹੀ ਕਣਕ ਦੀ ਫੋਰੀ ਖਰੀਦ ਕਰਨ ਦੇ ਦਾਅਵਿਆਂ ਦੀ ਪੂਰੀ ਤਰ•ਾਂ ਫੂਕ ਨਿਕਲੀ ਹੋਈ ਹੈ। ਮੰਡੀਆਂ ਵਿਚ ਕਣਕ ਧੜਾ ਧੜ ਆ ਰਹੀ ਹੈ ਪ੍ਰੰਤੂ ਖਰੀਦ ਏਜੰਸੀਆਂ ਵਲੋਂ ਖਰੀਦ ਨਾ ਕਰਨ ਕਾਰਨ ਕਿਸਾਨ ਕੜਾਕੇ ਦੀ ਧੁੱਪ ਵਿਚ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ। ਪਿੰਡਾਂ ਦੀਆਂ ਮੰਡੀਆਂ ਵਿਚ ਕਿਸਾਨ ਆਪਣੀ ਕਣਕ ਲੈ ਕੇ ਦੋ ਦੋ ਦਿਨ ਤੋਂ ਬੈਠੇ ਹੋਏ ਹਨ ਪ੍ਰੰਤੂ ਢੇਰੀ ਕੀਤੀ ਕਣਕ ਦੀ ਕੋਈ ਵੀ ਪੁੱਛਗਿੱਛ ਨਾ ਹੋਣ ਕਾਰਨ ਉਹ ਬੋਰੀਆਂ ਉਤੇ ਹੀ ਸੋਣ ਲਈ ਮਜ਼ਬੂਰ ਹਨ ਅਤੇ ਗਰਮੀ ਅਤੇ ਮੱਛਰਾਂ ਦੇ ਕੱਟਣ ਕਾਰਨ ਤੜਪ ਰਹੇ ਹਨ। ਮਾਹਿਲਪੁਰ ਦੀ ਦਾਣਾ ਮੰਡੀ ਵਿਚ ਅੱਜ ਸ਼ਾਂਮ ਸਾਢੇ ਤਿੰਨ ਵਜ਼ੇ ਤੱਕ ਲੱਗਭਗ 17000 ਕੁਇੰਟਲ ਕਣਕ ਪੁੱਜ ਚੁੱਕੀ ਸੀ ਪ੍ਰੰਤੂ ਪਹਿਲੀ ਕਣਕ ਵੀ ਅਜ਼ੇ ਤੱਕ ਚੁੱਕ ਨਾ ਹੋਣ ਕਾਰਨ ਪਿੰਡਾਂ ਦੇ ਕਿਸਾਨ ਆਪਣੀਆਂ ਟਰਾਲੀਆਂ ਅਤੇ ਹੋਰ ਵਹੀਕਲ ਵੱਡੀ ਗਿਣਤੀ ਵਿਚ ਬਿਨਾ ਕਣਕ ਲਾਹੇ ਲਾਇਨਾ ਵਿਚ ਲੱਗੇ ਹੋਏ ਸਨ। ਮੰਡੀ ਵਿਚ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਨਾ ਹੋਣ ਕਰਕੇ ਮਜ਼ਦੂਰ ਅਤੇ ਕਿਸਾਨ ਬਹੁਤ ਦੁੱਖੀ ਸਨ। ਕਿਸਾਨਾ ਨੂੰ ਮੰਡੀ ਵਿਚ ਥਾਂ ਦੀ ਕਿਲਤ ਹੋਣ ਕਾਰਨ ਵਾਹਨਾਂ ਤੇ ਲੱਦੀ ਕਣਕ ਲਾਹੁਣ ਲਈ ਪ੍ਰੇਸ਼ਾਨੀ ਆ ਰਹੀ ਹੈ। ਕਿਰਾਏ ਤੇ ਲਿਆਂਦੇ ਵਾਹਨਾਂ ਵਾਲੇ ਕਿਸਾਨ ਇਸ ਮੁਸੀਬਤ ਕਾਰਨ ਬਹੁਤ ਹੀ ਦੁੱਖੀ ਹਨ।
ਆੜਤੀ ਬਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਨਗ੍ਰੀਨ ਅਤੇ ਮਾਰਕਫੈਡ ਖਰੀਦ ਏਜੰਸੀਆਂ ਕਣਕ ਦੀ ਖਰੀਦ ਕਰ ਰਹੀਆਂ ਹਨ ਪ੍ਰੰਤੂ ਉਕਤ ਦੋਵੇਂ ਖਰੀਦ ਏਜੰਸੀਆਂ ਵਲੋਂ ਹੁਣ ਤੱਕ ਸਿਰਫ ਜਿਹੜੀ ਲੱਗਭਗ 11,000 ਕੁਇੰਟਲ ਕਣਕ ਖਰੀਦੀ ਗਈ ਹੈ ਉਸਨੂੰ ਹਾਲੇ ਤੱਕ ਵੀ ਮੰਡੀ ਵਿਚੋਂ ਨਹੀਂ ਚੁੱਕਿਆ ਗਿਆ। ਮੰਡੀ ਵਿਚ ਕਣਕ ਦੇ ਭਰੇ ਕੱਟਿਆਂ ਦੇ ਵੱਡੇ ਵੱਡੇ ਅੰਬਾਰ ਲੱਗ ਜਾਣ ਕਾਰਨ ਮੰਡੀ ਵਿਚ ਹੋਰ ਕਣਕ ਲੈ ਕੇ ਆ ਰਹੇ ਕਿਸਾਨਾ ਨੂੰ ਕਣਕ ਲਹੁਣ ਲਈ ਜਗ•ਾ ਦੀ ਘਾਟ ਹੈ। ਖਰੀਦੀ ਹੋਈ ਕਣਕ ਦੀ ਹਾਲੇ ਤੱਕ ਕਿਸੇ ਵੀ ਏਜੰਸੀ ਨੇ ਕਿਸਾਨ ਨੂੰ ਕੀਮਤ ਅਦਾ ਨਹੀਂ ਕੀਤੀ। ਦੂਸਰੇ ਪਾਸੇ ਖਰੀਦ ਏਜੰਸੀਆਂ ਦੇ ਕਰਿੰਦਿਆਂ ਦਾ ਕਹਿਣ ਹੈ ਕਿ ਵਹੀਕਲਾਂ ਦੀ ਘਾਟ ਕਾਰਨ ਕਣਕ ਚੁੱਕਣ ਲਈ ਵੱਡੀ ਪ੍ਰੇਸ਼ਾਨੀ ਆ ਰਹੀ ਹੈ। ਉਹਨਾਂ ਦੱਸਿਆ ਕਿ ਕਖਰੀਦ ਏਜੰਸੀਆਂ ਨੇ ਅੱਜ ਹੋਰ 5 ਟਰੱਕਾਂ ਦਾ ਪ੍ਰਬੰਧ ਕੀਤਾ ਹੈ ਜਿਹਨਾਂ ਨੇ ਅੱਜ ਬਾਅਦ ਦੁਪਹਿਰ ਕਣਕ ਢੋਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।ਕਿਸਾਨ ਅਜਮੇਰ ਸਿੰਘ ਢਿੱਲੋਂ, ਬਲਬੀਰ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ, ਨੰਬਰਦਾਰ ਚੰਨਣ ਸਿੰਘ ਨੇ ਦੱਸਿਆ ਕਿ ਉਹ ਕਣਕ ਦੀ ਖਰੀਦ ਨਾ ਹੋਣ ਕਾਰਨ ਮੰਡੀ ਵਿਚ ਪਿੱਛਲੇ ਦੋ ਦਿਨ ਤੋਂ ਰੁਲ ਰਿਹਾ ਹੈ। ਉਹਨਾਂ ਦੱਸਿਆ ਕਿ ਕਣਕ ਮੰਡੀ ਵਿਚ ਰੁਲ ਰਹੀ ਹੈ। ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਤਾਂ ਜਿਥੇ ਆੜਤੀਏ ਪਿੱਟ ਰਹੇ ਹਨ ਉਥੇ ਕਿਸਾਨ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਦਾਅਵਿਆਂ ਦਾ ਮਾਖੌਲ ਉਡਾ ਰਹੇ ਹਨ। ਅੱਜ ਪੰਜਵੇਂਦਿਨ ਵੀ ਖਰੀਦੀ ਹੋਈ ਕਣਕ ਦੀ ਕੋਈ ਅਦਾਇਗੀ ਨਹੀਂ ਹੋਈ ਅਤੇ ਨਾ ਹੀ ਖਰੀਦੀ ਹੋਈ ਕਣਕ ਚੁੱਕੀ ਗਈ ਹੈ। ਦੂਸਰੇ ਪਾਸੇ ਜੱਟ ਮਹਾਂ ਸਭਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਢਿੱਲੋਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਸਮੇਤ ਖਰੀਦ ਏਜੰਸੀਆਂ ਵਲੋਂ ਕਿਸਾਨਾ ਦੀ ਖਰੀਦੀ ਹੋਈ ਕਣਕ ਦੀ ਪੈਮੈਂਟ ਅਤੇ ਲਿਫਟਿੰਗ ਦੇ ਪ੍ਰਬੰਧ ਨਾ ਕੀਤੇ ਤਾਂ ਸਭਾ ਇਸਦਾ ਸਖਤ ਐਕਸ਼ਨ ਲਵੇਗੀ ਜਿਸਦੀ ਜ਼ਿਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਸਬੰਧ ਵਿਚ ਮਾਰਕੀਟ ਕਮੇਟੀ ਦੀ ਸੁਪਰਵਾਈਜ਼ਰ ਸ੍ਰੀਮਤੀ ਨਰਿੰਦਰਪਾਲ ਕੌਰ ਕਹਾਰਪੁਰ ਨੇ ਦੱਸਿਆ ਕਿ ਇਸ ਵਕਤ ਮੰਡੀ ਵਿਚ ਸਭ ਤੋਂ ਵੱਡੀ ਸਮੱਸਿਆ ਕਣਕ ਦੀ ਲਿਫਟਿੰਗ ਨਾ ਹੋਣਾ ਹੈ। ਉਹਨਾਂ ਦਾਅਵਾ ਕੀਤਾ ਕਿ ਖਰੀਦ ਏਜੰਸੀਆਂ ਵਲੋਂ ਲਿਫਟਿੰਗ ਦਾ ਕੰਮ ਸ਼ੁਰੂ ਕਰਨ ਲਈ ਅੱਜ ਹੋਰ ਚਾਰ ਟਰੱਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੀਆਂ ਸਮੱਸਿਆਵਾਂ ਦਾ ਦੋ ਕੁ ਦਿਨਾਂ ਵਿਚ ਹੱਲ ਕਰ ਦਿੱਤਾ ਜਾਵੇਗਾ।