ਵਿਚੋਲਾ ਲ਼ੜਕੀ ਦੀ ਤਸਵੀਰ ਲੈ ਕੇ ਸੁੱਖੀ ਦੇ ਘਰ ਵੜਦਾ ਹੋਇਆ ਕਹਿੰਦਾ,” ਸੁੱਖੀ ਘਰ ਹੀ ਐ ,ਅੱਜ ਤੇਰੇ ਲਈ ਰਿਸ਼ਤਾ ਲੈ ਕੇ ਆਇਆ… ਚੰਗੀ ਕੁੜੀ ਦਾ” ।ਸੁੱਖੀ ਆਵਾਜ਼ ਸੁਣਦਾ ਹੋਇਆ ਕਹਿੰਦਾ, ਆਜਾ ਯਾਰ ਆਜਾ… ਘਰ ਹੀ ਆਂ ।ਇੰਨੇ ਨੂੰ ਸੁੱਖੀ ਦੀ ਮਾਂ ਵੀ ਆ ਜਾਂਦੀ ਹੈ।ਵਿਚੋਲਾ ਸੁੱਖੀ ਦੀ ਮਾਂ ਦੇ ਚਰਨ ਛੋਹਦਾ ਹੋਇਆਾ ਕਹਿੰਦਾ, “ਭੈਣ ਜੀ ਤੁਹਾਡੀ ਨੂੰਹ ਦੀ ਤਸਵੀਰ ਲੈ ਕੇ ਆਇਆ.. ਆਹ ਦੇਖੋ …ਤੁਹਾਡੀ ਨੂੰਹ ਦੀ ਤਸਵੀਰ”। ਸੁੱਖੀ ਦੀ ਮਾਂ ਕਹਿੰਦੀ ਹੈ ,”ਵੀਰ ਤੁਸੀ ਇਹ ਕੀ ਤਸਵੀਰ ਲੈ ਕੇ ਆਏ ਹੋ …ਕੁੜੀ ਦਾ ਰੰਗ ਤਾਂ ਕਾਲਾ ਹੈ”। ਵਿਚੋਲਾ ਕਹਿੰਦਾ,” ਭੈਣ ਜੀ ਗੁਣਾਂ ਦੀ ਭਰਪੂਰ ਹੈ ਕੁੜੀ… ਤੁਸੀ ਰੰਗ ਨਾ ਦੇਖੋ, ਗੁਣ ਦੇਖੋ।ਸੁੱਖੀ ਦੀ ਮਾਂ ਕਹਿੰਦੀ ਹੈ “ਨਾ ਵੀਰਾ ਸਾਨੂੰ ਤਾਂ ਸੋਹਣੀ,ਗੋਰੀ ਕੁੜੀ ਚਾਹੀਦੀ ਹੈ”। ਸੁੱਖੀ ਵੀ ਨਾਲ ਹੀ ਕਹਿਣ ਲੱਗ ਜਾਦਾ “ਮੈਂ ਕਾਲੀ ਕੁੜੀ ਨਾਲ ਵਿਆਹ ਨਹੀ ਕਰਵਾਉਣਾ ਲੋਕ ਕੀ ਕਹਿਣਗੇ ਸੁੱਖੀ ਕਾਲੀ ਘਰਵਾਲੀ ਲੈ ਆਇਆ,ਤੂੰ ਹੋਰ ਕੋਈ ਰਿਸ਼ਤਾ ਲਿਆ… ਚਿੱਟੀ ਸੋਹਣੀ ਦੁੱਧ ਵਰਗੀ ਕੁੜੀ ਦਾ”।ਵਿਚੋਲਾ ਉੱਥੋ ਇਹ ਕਹਿੰਦਾ ਹੋਇਆ ਚਲਾ ਜਾਦਾ ਕਿ ” ਚੰਗਾ ਫਿਰ ਸੁੱਖੀ ਮੈਂ ਚੱਲਦਾ ਦੇਖੋ ਹੋਰ ਕੋਈ ਰਿਸ਼ਤਾ”।ਇੰਨੇ ਨੂੰ ਸੁੱਖੀ ਦੀ ਭੈਣ ਸੀਨਾ ਕਾਲੇ ਰੰਗ ਦੀ ਗੁਣਾਂ ਦੀ ਭਰਪੂਰ ਕਮਰੇ ‘ਚੋ ਬਾਹਰ ਆਉਦੀ ਹੋਈ ਕਹਿੰਦੀ ਹੈ ,”ਕਿ ਗੱਲ ਹੋਈ ਵੀਰ,ਮਾਂ ਤਸਵੀਰ ਪੰਸਦ ਨੀ ਆਈ”? ਸੁੱਖੀ ਕਹਿੰਦਾ ਹਾਂ,” ਭੈਣੇ ਕਾਲੇ ਜਿਹੇ ਰੰਗ ਦੀ ਕੁੜੀ ਦੀ ਤਸਵੀਰ ਲੈਂ ਕੇ ਆਇਆ ਸੀ… ਮੈਂ ਉਸ ਨੂੰ ਕਿਹਾ ਹੋਰ ਕੋਈ ਰਿਸ਼ਤਾ ਲੈਂ ਕੇ ਆਈ”। ਮਾਂ ਕਹਿੰਦੀ ਹਾਂ,” ਸੀਨਾ ਲੋਕ ਕੀ ਕਹਿਣਗੇ ਮੈਨੂੰ ਕਾਲੇ ਰੰਗ ਦੀ ਨੂੰਹ ਲੈਂ ਕੇ ਆਈ ਹੈ” ।ਸੀਨਾ ਕਹਿੰਦੀ ਹੈ “ਵੀਰੇ, ਮਾਂ, ਮੇਰਾ ਵੀ ਤਾਂ ਰੰਗ ਕਾਲਾ ਹੈ ਪਰ ਘਰ ਦੇ ਸਾਰੇ ਕੰਮ ਸਾਂਭਦੀ ਹਾਂ ਇਸ ਹਿਸਾਬ ਨਾਲ ਤਾਂ ਮੈਨੂੰ ਵੀ ਕਦੀ ਕੋਈ ਆਪਣੀ ਨੂੰਹ ਜਾਂ ਘਰਵਾਲੀ ਬਣਾਉਣ ਨੂੰ ਤਿਆਰ ਨਹੀ ਹੋਵੇਗਾ। ਕੀ ਮੇਰਾ ਕਦੀ ਵਿਆਹ ਨਹੀ ਹੋਵੇਗਾ? ਮੈਂ ਜੋ ਆਪਣੇ ਮਾਹੀ ਲਈ ਸਪਨੇ ਸਜਾਈ ਬੈਠੀ ਆਂ ਕੀ ਉਹ ਕਦੀ ਪੂਰੇ ਨਹੀ ਹੋਣਗੇ ?” ਇਹ ਗੱਲ ਸੁਣ ਕੇ ਮਾਂ ਤੇ ਭਰਾ ਦੋਵੇ ਸੋਚਦੇ ਹੋਏੇ ਆਪਣੇ ਕਮਰੇ ਵੱਲ ਨੂੰ ਚੱਲੇ ਜਾਂਦੇ ਹਨ ।
————
Writer :
ਗੁਰਮੀਤ ਕੌਰ ‘ਮੀਤ‘
ਮਲੋਟ
ਸ੍ਰੀ ਮੁਕਤਸਰ ਸਾਹਿਬ ,ਪੰਜਾਬ-152107